Sunday 15 July 2012

Bhai Taru Singh Ji Di Shahidi



ਭਾਈ ਤਾਰੂ ਸਿੰਘ ਦੀ ਸ਼ਹੀਦੀ ਸਿੱਖਾਂ ਵਿਚ ਬੱਚਾ ਬੱਚਾ ਜਾਣਦਾ ਹੈ ਪਰ ਇਹ ਵੱਖਰੀ ਗਲ ਹੈ ਕਿ ਉਹ ਜਾਣਦੇ ਬੁਝਦੇ ਕੁਰਾਹੇ ਪੈ ਜਾਂਦਾ ਹੈ ਅਤੇ ਗੁਰੂ ਦੀ ਮੋਹਰ, ਸਿੱਖੀ ਦੀ ਪਹਿਚਾਣ ਦੀ ਬੇਰੁਹਮਤੀ ਕਰਦਾ ਹੈ।

ਇਹ ਸ਼ਹੀਦੀ ਵੀ ਪੰਜਾਬ ਦੇ ਨਵਾਬ ਜ਼ਕਰੀਆਂ ਖ਼ਾਨ ਦੇ ਸਮੇਂ ਦੀ ਹੈ। 1745 ਤੋਂ ਪਹਿਲਾਂ ਜੱਦ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਣ ਲੱਗ ਪਏ ਤਾਂ ਬਹਾਦਰ ਯੋਧੇ ਘਰ ਘਾਟ ਛੱਡ ਕੇ ਪਰਵਾਰਾਂ ਸਮੇਤ ਜੰਗਲਾਂ ਅਤੇ ਮਾਰੂਥਲਾਂ ਵਿਚ ਚਲੇ ਗਏ। ਪਰ ਟਾਵਾਂ ਟਾਵਾਂ ਸਿੱਖ ਪਰਵਾਰ, ਸਾਊ ਮੁਸਲਮਾਨਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਕਿਸੇ ਤਰਾਂ ਜੀਵਨ ਬਿਤਾ ਰਹੇ ਸਨ। ਪਿੰਡ ਪੂਹਲਾ, ਅੰਮ੍ਰਿਤਸਰ ਦੇ ਭਾਈ ਤਾਰੂ ਸਿੰਘ ਅਤੇ ਉਹਨਾਂ ਦਾ ਪਰਵਾਰ ਦਾ ਹਾਲ ਵੀ ਐਸਾ ਹੀ ਸੀ। ਛੋਟੇ ਹੁੰਦਿਆਂ ਪਿਤਾ ਜੀ ਚਲਾਨਾ ਕਰ ਗਏ ਪਰ ਮਾਤਾ ਨੇ ਇਹਨਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜ ਦਿੱਤਾ। ਆਪ ਨੂੰ ਗੁਰੂ ਕੇ ਸਿੰਘਾਂ ਨਾਲ ਅਥਾਹ ਦਾ ਪਿਆਰ ਅਤੇ ਸਤਕਾਰ ਸੀ। ਸੋ ਵੇਲੇ ਕੁਵੇਲੇ ਆਪਣੀ ਖੇਤੀ ਦੀ ਕਿਰਤ ਕਮਾਈ ਨੂੰ ਸਫਲ ਕਰਦੇ ਰਹਿੰਦੇ ਅਤੇ ਸਿੰਘਾਂ ਨੂੰ ਲੋੜ ਅਨੁਸਾਰ ਪਰਸ਼ਾਦੇ ਆਦਿ ਦੀ ਸੇਵਾ ਕਰਦੇ। ਆਲੇ ਦੁਆਲੇ ਦੇ ਹਿੰਦੂ ਅਤੇ ਮੁਸਲਮਾਨ ਆਪ ਦੀਆਂ ਸਿਫਤਾਂ ਕਰਦੇ ਅਤੇ ਸਨਮਾਨ ਕਰਦੇ ਸਨ।

ਵੱਕਤ ਨੇ ਕਰਵਟ ਲਈ ਅਤੇ ਜ਼ਕਰੀਆਂ ਖ਼ਾਨ ਵਲੋਂ ਸਿੰਘਾਂ ਨੂੰ ਫੜਵਾਉਣ ਦਾ ਇਨਾਮ ਮਿਲਨ ਦੇ ਲਾਲਚ ਥੱਲੇ ਹਰਭਗਤ ਨਿਰੰਜਨੀਅਏ ਨੇ ਜੋ ਸਿੰਘਾਂ ਦਾ ਮੁਖਬਰ ਸੀ ਲਹੌਰ ਜ਼ਕਰੀਆਂ ਖ਼ਾਨ ਕੋਲ ਭਾਈ ਸਾਹਿਬ ਜੀ ਦੇ ਵਿਰੁਧ ਚੁਗਲੀ ਕਰ ਦਿੱਤੀ ਕਿ ਆਪ ਚੋਰਾਂ ਡਾਕੂਆਂ ਨੂੰ ਰੋਟੀ ਪਾਣੀ ਖੁਆਉਂਦੇ ਹਨ ਇਸ ਕਰਕੇ ਪਿੰਡ ਦੇ ਲੋਕਾਂ ਨੂੰ ਖਤਰਾ ਹੈ। ਇਹ ਤਾਰੂ ਸਿੰਘ, ਹਕੂਮਤ ਦੀ ਜਾਣਕਾਰੀ ਵੀ ਬਾਗ਼ੀ ਸਿੰਘਾਂ ਨੂੰ ਦੇਂਦਾ ਹੈ। ਸਚਾਈ ਨੂੰ ਘੋਖੇ ਬਗੈਰ ਜ਼ਕਰੀਆਂ ਖ਼ਾਨ ਨੇ ਹਰਭਗਤ ਨਿਰੰਜਨੀਏ ਦੀ ਸ਼ਿਕਾਇਤ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਇਸੇ ਦੀ ਅਗਵਾਈ ਹੇਠ 20 ਸਿਪਾਹੀ ਆਏ ਅਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਹੌਰ ਲੈ ਗਏ। ਪਿੰਡ ਦੇ ਲੋਕਾਂ ਨੇ ਬਥੇਰਾ ਕਿਹਾ ਪਰ ਸਿਪਾਹੀਆਂ ਨੇ ਕਿਸੇ ਦੀ ਨਾ ਸੁਣੀ। ਲਹੌਰ ਜੇਲ ਵਿਚ ਭਾਈ ਸਾਹਿਬ ਨੂੰ ਡੱਕ ਦਿੱਤਾ ਗਿਆ ਅਤੇ ਭਾਈ ਤਾਰੂ ਸਿੰਘ ਨੂੰ ਬਹੁਤ ਸਤਾਇਆ ਗਿਆ। ਆਖਰ ਜ਼ਕਰੀਆਂ ਖ਼ਾਨ ਦੇ ਸਾਮ੍ਹਣੇ ਪੇਸ਼ੀ ਹੋਣ ਤੇ ਭਾਈ ਸਾਹਬ ਨੇ ਗ੍ਰਿਫਤਾਰੀ ਦਾ ਕਾਰਨ ਪੁੱਛਿਆ ਅਤੇ ਆਖਿਆ ਕਿ ਮੈਂ ਮੇਹਨਤ ਕਰਕੇ ਅੰਨ ਦਾਣਾ ਪੈਦਾ ਕਰਦਾ ਹਾਂ, ਸਰਕਾਰੀ ਟੈਕਸ ਵੀ ਪੂਰਾ ਭਰਦਾ ਹਾਂ ਅਤੇ ਜੇ ਹੋਸਕੇ ਤਾਂ ਭੁੱਖਾ ਰਹਿ ਕੇ ਵੀ ਕਿਸੇ ਲੋੜਵੰਦ ਦੀ ਮਦਦ ਕਰਦਾ ਹਾਂ। ਮੈਨੂੰ ਦਸੋ ਕਿ ਹਕੂਮਤ ਮੇਰਾ ਐਸਾ ਕਰਨ ਤੇ ਕਿਉਂ ਦੁਖ ਮੰਨਾਉਂਦੀ ਹੈ?

ਜ਼ਕਰੀਆਂ ਖ਼ਾਨ ਕੋਈ ਉਤਰ ਤਾਂ ਦੇ ਨਹੀਂ ਸਕਦਾ ਸੀ ਪਰ ਕਹਿਣ ਲਗਾ ਕਿ ਤਾਰੂ ਸਿੰਘਾ! ਤੇਰੀ ਜਾਨ ਤਾਂ ਹੀ ਬਖਸ਼ੀ ਜਾ ਸਕਦੀ ਹੈ ਜੇਕਰ ਤੂੰ ਮੁਸਲਮਾਨ ਬਣਨਾ ਮੰਨ ਲਵੇਂ। ਭਾਈ ਜੀ ਨੇ ਉੱਤਰ ਦਿੱਤਾ, ਕੀ ਮੁਸਲਮਾਨ ਬਣਨ ਨਾਲ ਕੀ ਮੈਨੂੰ ਮੌਤ ਨਹੀਂ ਆਵੇਗੀ? ਅਤੇ ਜੇਕਰ ਮੈਂ ਮਰਨਾ ਹੀ ਹੈ ਤਾਂ ਆਪਣੇ ਧਰਮ ਦਾ ਤਿਆਗ ਕਿਉਂ ਕਰਾਂ ਅਤੇ ਆਪਣੇ ਗੁਰੂ ਤੋਂ ਬੇਮੁਖ ਕਿਉਂ ਹੋਵਾਂ। ਮੈਨੂੰ ਸਿੱਖੀ ਜਾਨ ਨਾਲੋਂ ਪਿਆਰੀ ਹੈ। ਜ਼ਕਰੀਆਂ ਖ਼ਾਨ ਨੇ ਆਖਿਆ ਕਿ ਮੈਂ ਦੇਖਦਾ ਹਾਂ ਕਿ ਤੂੰ ਸਿੱਖੀ ਕਿਵੇਂ ਬਚਾਉਂਦਾ ਹੈਂ ਅਤੇ ਭਾਈ ਸਾਹਿਬ ਜੀ ਦੇ ਕੇਸ ਕਟਨ ਦਾ ਹੁਕਮ ਦੇ ਦਿੱਤਾ। ਕੇਸ ਕੱਟਨ ਦਾ ਕਿਸੇ ਦਾ ਹੀਆ ਨਾ ਪਿਆ ਸੋ ਮੋਚੀ ਨੂੰ ਬੁਲਵਾਕੇ ਭਾਈ ਸਾਹਿਬ ਜੀ ਦੀ ਖੋਪਰੀ, ਸਮੇਤ ਕੇਸਾਂ ਸਿਰ ਤੋਂ ਅਲੱਗ ਕਰ ਦਿਤੀ ਗਈ। ਖੋਪਰੀ ਲਾਹ ਕੇ ਭਾਈ ਸਾਹਿਬ ਜੀ ਦੇ ਸਾਮ੍ਹਣੇ ਰੱਖ ਦਿੱਤੀ ਗਈ। ਭਾਈ ਸਾਹਿਬ ਨੇ ਇਹ ਸਾਰਾ ਕਸ਼ਟ ਸਹਾਰਿਆ ਅਤੇ ਅਕਾਲ ਪੁਰਖ ਦੇ ਭਾਣੇ ਨੂੰ ਸਤ ਕਰ ਕੇ ਮੰਨ ਲਿਆ। ਇਕ ਪਾਸੇ ਭਾਈ ਸਾਹਿਬ ਦੇ ਸਿਰ ਤੋਂ ਖੂਨ ਸਿੰਮਦਾ ਰਿਹਾ (ਚੰਗੇ ਜੀਅ ਭਾਈ ਸਾਹਿਬ ਦੀ ਵੇਲੇ ਕੁਵੇਲੇ ਸੇਵਾ ਕਰ ਦੇਂਦੇ)। ਇਸ ਘਟਨਾ ਤੋਂ ਬਾਅਦ ਭਾਈ ਸਾਹਿਬ ਦਾ ਬਚਨ ਸੀ ਕਿ ਮੈਂ ਤੈਨੂੰ ਹੁਣ ਅੱਗੇ ਲਾਕੇ ਲੈ ਜਾਵਾਂਗਾ। ਦੂਜੇ ਪਾਸੇ ਜ਼ਕਰੀਆਂ ਖ਼ਾਨ ਦਾ ਪਿਸ਼ਾਬ ਬੰਦ ਹੋ ਗਿਆ। ਵੈਦਾਂ ਦੇ ਸਾਰੇ ਯਤਨ ਬੇਕਾਰ ਹੋ ਜਾਣ ਤੇ ਜ਼ਕਰੀਆਂ ਖ਼ਾਨ ਨੇ ਭਾਈ ਸੁਬੇਗ ਸਿੰਘ ਤੋਂ ਪੁੱਛਿਆ ਤਾਂ ਉਹਨਾਂ ਦਸਿਆ ਕਿ ਖਾਲਸੇ ਤੋਂ ਮਾਫੀ ਮੰਗ ਲਵੋ ਤਾਂ ਭਾਵੇਂ ਠੀਕ ਹੋ ਜਾਵੇ। ਖਾਲਸੇ ਨੇ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜ਼ਕਰੀਆਂ ਖ਼ਾਨ ਦੇ ਸਿਰ ਵਿਚ ਮਾਰਨਾ ਬਿਮਾਰੀ ਦਾ ਇਲਾਜ ਦੱਸਿਆ। ‘ਮਰਦਾ ਕੀ ਨਾ ਕਰਦਾ’ ਵਾਲੀ ਹਾਲਤ ਸੀ ਕਿਉਂਕਿ ਪੇਸ਼ਾਬ ਦਾ ਬੰਦ ਹੋਣਾ ਜ਼ਕਰੀਆਂ ਖ਼ਾਨ ਲਈ ਬਹੁਤ ਦੁਖਦਾਈ ਸੀ।

ਆਖਿਰ ਜ਼ਕਰੀਆਂ ਖ਼ਾਨ ਦੇ ਸਿਰ ਵਿਚ ਭਾਈ ਸਾਹਿਬ ਦੀ ਜੁੱਤੀ ਨੂੰ ਮਾਰਨ ਨਾਲ ਉਸਨੂੰ ਕੁਝ ਰਾਹਤ ਮਿਲੀ ਪਰ ਐਸੀ ਕਿਰਿਆ ਕਰਨ ਦੀ ਬਾਰ ਬਾਰ ਲੋੜ ਪੈਂਦੀ ਰਹੀ। ਕੁਝ ਦਿਨਾਂ ਵਿਚ ਜ਼ਕਰੀਆ ਖ਼ਾਨ ਜੁੱਤੀਆਂ ਖਾਂਦਾ ਮਰ ਗਿਆ। ਭਾਈ ਤਾਰੂ ਸਿੰਘ ਜੀ ਨੂੰ ਜੱਦ ਜ਼ਕਰੀਏ ਦੀ ਮੌਤ ਦੀ ਖਬਰ ਦਸੀ ਗਈ ਤਾਂ ਕੁਝ ਸਮੇਂ ਬਾਅਦ ਹੀ ਭਾਈ ਸਾਹਿਬ ਅਕਾਲ ਚਲਾਨਾ ਕਰ ਗਏ। ਇਹ ਹੈ ਸਿੱਖੀ ਸਿਦਕ ਨਿਭਾਉਣ ਦੀ ਅਣੋਖੀ ਦਾਸਤਾਂ। ਭਾਈ ਤਾਰੂ ਸਿੰਘ ਦੀ ਸ਼ਹਾਦਤ ਸਾਡੇ ਸਾਰਿਆਂ ਲਈ ਇਕ ਚਾਨਣ ਮੁਨਾਰਾ ਹੈ ਪਰ 21 ਵੀਂ ਸਦੀ ਵਿਚ ਕੋਈ ਭਾਗਾਂ ਵਾਲਾ ਸਿੱਖ ਹੀ ਇਸ ਸ਼ਹਾਦਤ ਦਾ ਮੁੱਲ਼ ਪਾ ਰਿਹਾ ਹੋਵੇ ਨਹੀਂ ਤਾਂ ਅਸੀਂ ਸਿੱਖ ਸ਼ਹੀਦਾਂ ਪ੍ਰਤੀ ਅਕ੍ਰਿਤਘਨ ਹੋ ਗਏ ਹਾਂ। ਕੇਸ ਸਿੱਖੀ ਦੀ ਸਾਂਝੀਵਾਲਤਾ ਦੇ ਪ੍ਰਤੀਕ ਅਤੇ ਇਸਦੇ ਪਹਿਰੇਦਾਰ ਹਨ। ਕੇਸ ਸਿੱਖੀ ਪ੍ਰਤੀ ਸਾਡੀ ਦ੍ਰਿੜਤਾ ਦਾ ਮਾਪ ਦੰਡ ਹਨ ਅਤੇ ਕਿਸੇ ਕੰਮ ਦੇ ਕਰਨ ਤੋਂ ਪਹਿਲਾਂ ਸਾਨੂੰ ਸੁਚੇਤ ਕਰਦੇ ਹਨ ਕਿ ਤੂੰ ਗੁਰੂ ਸਾਹਿਬ ਜੀ ਦਾ ਸਿੱਖ ਹੈਂ ਉਹ ਕੰਮ ਨਾ ਕਰੀਂ ਜਿਸ ਨਾਲ ਸਿੱਖੀ ਨੂੰ ਧੱਬਾ ਲੱਗੇ। ਇਹ ਸਿੱਖੀ ਪਿਆਰ ਨੂੰ ਹਿਰਦੇ ਵਿਚ ਦ੍ਰਿੜ ਕਰਨ ਲਈ ਪ੍ਰੇਰਨਾ ਦੇਂਦੇ ਹਨ ਪਰ ਸਾਡੀ ਮੂਰਖਤਾ ਭਾਰੀ ਹੋ ਜਾਂਦੀ ਹੈ ਅਤੇ ਅਸੀਂ ਦੋ ਟਕਿਆਂ ਦੇ ਪਿੱਛੇ, ਰਾਂਜੇ ਬਣਨ ਜਾਂ ਭੇਡ ਚਾਲ ਦੇ ਰਾਹੇ ਪੈਕੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ।

No comments:

Post a Comment